
ਉਲੰਘਣਾ ਕਰਨ ਵਾਲੀਆਂ ਯੂਨੀਵਰਸਿਟੀਆਂ ਦੇ ਡਿਗਰੀ ਧਾਰਕਾਂ ਨੂੰ ਵਾਧੂ ਅੰਕ ਨਾ ਦੇਣ ਬਾਰੇ ਨੋਟਿਸ
ਚੰਡੀਗੜ੍ਹ, 16 ਨਵੰਬਰ (ਨੀਲ ਭਲਿੰਦਰ ਸਿੰਘ)-ਪੰਜਾਬ ਵਿਚ ਪੇਂਡੂ ਸਹਿਯੋਗੀ ਅਧਿਆਪਕਾਂ ਦੀਆਂ 5078 ਅਸਾਮੀਆਂ ਲਈ ਜਾਰੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਕੁਝ ਅਜਿਹੀਆਂ ਯੂਨੀਵਰਸਿਟੀਆਂ ਤੋਂ ਐਮ. ਫ਼ਿਲ. ਦੀ ਡਿਗਰੀ ਹਾਸਿਲ ਕਰਨ ਵਾਲਿਆਂ 'ਤੇ ਕਿੰਤੂ ਖੜ੍ਹਾ ਹੋ ਗਿਆ ਹੈ, ਜਿਨ੍ਹਾਂ ਬਾਰੇ ਸੁਪਰੀਮ ਕੋਰਟ ਵੱਲੋਂ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ | ਇਨ੍ਹਾਂ 'ਚੋਂ 19 ਡਿਗਰੀ ਧਾਰਕ ਉਮੀਦਵਾਰ ਤਾਂ ਸੀ. ਐਮ. ਜੇ. ਯੂਨੀਵਰਸਿਟੀ ਮੇਘਾਲਿਆ/ਸ਼ਿਲਾਂਗ ਨਾਲ ਹੀ ਸਬੰਧਿਤ ਹਨ ਜਿਸ ਨੂੰ ਕਿ ਸਰਵਉੱਚ ਅਦਾਲਤ ਵੱਲੋਂ ਬੀਤੀ 13 ਸਤੰਬਰ ਨੂੰ ਹੀ 'ਸੀ.ਐਮ.ਜੇ. ਫ਼ਾਊਾਡੇਸ਼ਨ ਬਨਾਮ ਮੇਘਾਲਿਆ ਸਰਕਾਰ' ਨਾਮੀਂ ਕੇਸ ਬਾਬਤ ਸੁਣਾਏ ਗਏ ਫ਼ੈਸਲੇ ਵਿਚ ਭੰਗ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ | ਆਰ.ਟੀ.ਆਈ. ਕਾਰਕੁੰਨ ਅਤੇ ਹਾਈਕੋਰਟ ਦੇ ਸੀਨੀਅਰ ਵਕੀਲ ਹਰੀ ਚੰਦ ਅਰੋੜਾ ਵੱਲੋਂ ਇਹ ਹਵਾਲੇ ਦਿੰਦੇ ਹੋਏ ਸੀ. ਐਮ. ਜੇ. ਯੂਨੀਵਰਸਿਟੀ ਦੇ 19 ਡਿਗਰੀ ਧਾਰਕਾਂ ਦੇ ਨਾਲ-ਨਾਲ ਆਪਣੀ ਟੇਰਾਟਰੀ ਤੋਂ ਬਾਹਰ ਜਾ ਕੇ ਪੱਤਰ ਵਿਹਾਰ ਰਾਹੀਂ ਐਮ.ਫ਼ਿਲ. ਸਣੇ ਹੋਰ ਵੀ ਸੰਬੰਧਿਤ ਡਿਗਰੀਆਂ ਹਾਸਲ ਕਰਨ ਵਾਲੇ ਕੁੱਲ 171 ਉਮੀਦਵਾਰਾਂ ਨੂੰ ਨਿਯਮਾਂ ਮੁਤਾਬਿਕ ਦਿੱਤੇ ਜਾਣ ਵਾਲੇ 10 ਵਾਧੂ ਅੰਕਾਂ ਦੇ ਲਾਭ ਨਾਲ ਨਾ ਵਿਚਾਰੇ ਜਾਣ ਦੀ ਮੰਗ ਕੀਤੀ ਹੈ | ਇਸ ਬਾਰੇ ਪੇਂਡੂ ਸਹਿਯੋਗੀ ਅਧਿਆਪਕਾਂ ਦੀ ਭਰਤੀ ਸੰਬੰਧੀ 269 ਉਮੀਦਵਾਰਾਂ ਵੱਲੋਂ ਐਮ.ਫ਼ਿਲ. ਦੀ ਉੱਚ ਵਿੱਦਿਅਕ ਯੋਗਤਾ ਦੇ ਵਰਗ ਵਿਚ ਇਨ੍ਹਾਂ ਵਾਧੂ ਨੰਬਰਾਂ ਦੀ ਤਵੱਕੋ ਕੀਤੀ ਜਾ ਚੁੱਕੀ ਹੈ | ਅਰੋੜਾ ਵੱਲੋਂ ਇਹ ਮੁੱਦਾ ਜਨਹਿਤ ਪਟੀਸ਼ਨ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਚੁੱਕੇ ਜਾਣ ਦੀ ਚਿਤਾਵਨੀ ਦਿੰਦੇ ਹੋਏ ਪੰਜਾਬ ਦੇ ਚੀਫ਼ ਸੈਕਟਰੀ, ਸਿੱਖਿਆ ਵਿਭਾਗ ਦੇ ਪਿੰ੍ਰਸੀਪਲ ਸੈਕਟਰੀ ਅਤੇ ਡਾਇਰੈਕਟਰ (ਸੈਕੰਡਰੀ ਐਜੂਕੇਸ਼ਨ) ਨੂੰ ਕਾਰਵਾਈ ਹਿੱਤ ਕਾਨੂੰਨੀ ਨੋਟਿਸ ਭੇਜੇ ਗਏ ਹਨ |