Friday, 14 February 2014

News 12 th Feb 2014








ਪੰਜਾਬ ਸਰਕਾਰ ਵਿਰੁੱਧ ਪੰਜਾਬ/ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਸੂਬਾ ਪੱਧਰੀ ਰੈਲੀ

ਬਠਿੰਡਾ, 11 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵਿਰੁੱਧ ਪੰਜਾਬ ਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੰਘਰਸ਼ ਦਾ ਬਿਗਲ ਵਜਾਉਂਦਿਆਂ ਬਠਿੰਡਾ ਦੀ ਅਨਾਜ ਮੰਡੀ ਵਿਚ ਸੂਬਾ ਪੱਧਰੀ ਚੇਤਾਵਨੀ ਰੈਲੀ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਸੱਜਣ ਸਿੰਘ ਕਨਵੀਨਰ, ਵੇਦ ਪ੍ਰਕਾਸ਼, ਭੁਪਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਲਏ ਜਾ ਰਹੇ ਮੁਲਾਜ਼ਮ ਖਿਲਾਫ਼ ਫ਼ੈਸਲਿਆਂ ਅਪਣਾਈਆਂ ਜ਼ਬਰ ਦੀਆਂ ਕਾਰਵਾਈਆਂ ਕਾਰਨ ਮੁਲਾਜ਼ਮਾਂ ਵਿਚ ਰੋਸ ਹੈ | ਇਸ ਮੌਕੇ ਜਥੇਬੰਦੀ ਨੇ ਇਸ ਵਿਰੁੱਧ 2 ਪਾਸੜ ਗੱਲਬਾਤ ਰਾਂਹੀ 16 ਸੂਤਰੀ ਮੁਲਾਜ਼ਮ ਮੰਗਾਂ ਦੇ ਨਿਪਟਾਰੇ ਦੀ ਮੰਗ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕਿਆ | ਅੱਜ ਦੀ ਰੈਲੀ ਵਿਚ 6 ਮੁਲਾਜ਼ਮ ਫੈਡਰੇਸ਼ਨਾਂ ਅਤੇ ਦਰਜਨ ਤੋਂ ਵੀ ਵੱਧ ਟਰੇਡ ਯੂਨੀਅਨ ਦੇ ਨੁਮਾਇੰਦਿਆਂ ਨੇ ਪੁੱਜ ਕੇ ਹੱਕੀ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ | ਇਸ ਮੌਕੇ ਮਨਰੇਗਾ ਮੁਲਾਜ਼ਮ, ਪੰਚਾਇਤ ਮੁਲਾਜ਼ਮ ਯੂਨੀਅਨ, ਆਸ਼ਾ ਵਰਕਰਾਂ, ਆਂਗਣਵਾੜੀ ਸਟਾਫ਼, ਸਫ਼ਾਈ ਸੇਵਕ, ਮਜ਼ਦੂਰ ਯੂਨੀਅਨ, ਪੀ. ਆਰ. ਟੀ. ਸੀ., ਏਡਿਡ ਸਟਾਫ਼ ਸਕੂਲ ਯੂਨੀਅਨ, ਐਸ. ਸੀ./ਬੀ. ਸੀ. ਟੀਚਰਜ਼ ਯੂਨੀਅਨ, ਕਾਲਜ ਲੈਕਚਰਾਰ ਐਸੋਸੀਏਸ਼ਨ, ਥੀਨ ਡੈਮ ਵਰਕਰਜ਼ ਯੂਨੀਅਨ, ਸੁਵਿਧਾ ਕੇਂਦਰ, ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਿੱਜੀਕਰਨ ਦੀ ਨੀਤੀ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ | ਫੈਡਰੇਸ਼ਨ ਆਗੂਆਂ ਸਤੀਸ਼ ਰਾਣਾ, ਕਰਮਚੰਦ, ਕੁਲਵੰਤ ਢਿੱਲੋਂ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਬਲਕਾਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਭੁਗਤਾਨ ਕਰਨ ਤੋਂ ਟਾਲ ਮਟੋਲ, 6ਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀ ਸਥਾਪਨਾ ਕਰਨ ਅਤੇ ਹਰਿਆਣਾ ਦੀ ਤਰਜ਼ 'ਤੇ ਅੰਤਿ੍ਮ ਰਾਹਤ ਦੇਣ ਤੋਂ ਨਾਂਹ ਨੁੱਕਰ ਕਰ ਰਹੀ ਹੈ | ਸੁਪਰੀਮ ਕੋਰਟ ਦੇ ਫ਼ੈਸਲਿਆਂ ਦੇ ਉਲਟ ਕੰਟਰੀਬਿਊਟਰੀ ਸਕੀਮ ਲਾਗੂ ਕਰ ਦਿੱਤੀ ਹੈ | ਇਸ ਮੌਕੇ ਮਹਿਲਾ ਮੁਲਾਜ਼ਮ ਆਗੂਆਂ ਕਿਰਨਦੀਪ ਕੌਰ, ਜਸਬੀਰ ਕੌਰ, ਲਖਵਿੰਦਰ ਕੌਰ ਨੇ ਸਰਕਾਰ 'ਤੇ ਦੋਸ਼ ਲਾਇਆ ਕਿ ਪੁਰਅਮਨ ਸੰਘਰਸ਼ ਕਰਦੀਆਂ ਮਹਿਲਾਵਾਂ ਤੇ ਜ਼ੁਲਮ ਕੀਤਾ ਜਾਂਦਾ ਹੈ ਠੇਕੇ 'ਤੇ ਕੰਮ ਕਰਦੀਆਂ ਮਹਿਲਾਵਾਂ ਨੂੰ ਪ੍ਰਸੂਤਾ ਛੁੱਟੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ | ਇਸ ਮੌਕੇ ਆਗੂਆਂ ਨੇ ਕਮੇਟੀ ਦੀਆਂ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ | ਇਸ ਮੌਕੇ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਸਬੰਧੀ ਸੰਘਰਸ਼ ਨੂੰ ਦਬਾ ਨਹੀਂ ਸਕਦੀ | ਇਸ ਮੌਕੇ ਨੁਮਾਇੰਦਿਆਂ ਨੇ ਐਲਾਨ ਕੀਤਾ ਕਿ ਅਗਰ ਸਰਕਾਰ ਨੇ ਇਸ 16 ਸੂਤਰੀ ਮੰਗ ਪੱਤਰ ਨੂੰ ਅਣਗੌਲਿਆ ਕੀਤਾ ਤਾਂ ਇਸ ਦੇ ਨਤੀਜੇ ਉਸ ਨੂੰ ਲੋਕ ਸਭਾ ਚੋਣਾਂ ਮੌਕੇ ਭੁਗਤਣੇ ਪੈਣਗੇ |

ਈ. ਟੀ. ਟੀ. ਅਧਿਆਪਕਾਂ ਵੱਲੋਂ ਸਰਕਾਰੀ ਪੇਸ਼ਕਸ਼ ਰੱਦ



ਜਲੰਧਰ, 11 ਫਰਵਰੀ (ਮੇਜਰ ਸਿੰਘ)-ਏ. ਆਈ. ਈ. (ਈ. ਟੀ. ਟੀ.) ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸਵਰਨਾ ਦੇਵੀ ਦੀ ਅਗਵਾਈ ਵਿਚ ਦੇਸ਼ ਭਗਤ ਹਾਲ ਜਲੰਧਰ ਵਿਖੇ ਕੀਤੀ ਗਈ, ਜਿਸ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ ਗਈ ਅਤੇ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਕੀਤਾ ਗਿਆ | ਇਸ ਮੌਕੇ ਸੂਬਾ ਮੀਤ ਪ੍ਰਧਾਨ ਨਿਸ਼ਾਂਤ ਕੁਮਾਰ ਨੇ ਕਿਹਾ ਹੈ ਕਿ ਸਾਡੀਆਂ ਹੱਕੀ ਮੰਗਾਂ ਦੇ ਪੂਰਾ ਹੋਣ ਤੱਕ ਸੰਘਰਸ਼ ਕੀਤਾ ਜਾਵੇਗਾ | ਉਨ੍ਹਾਂ ਪਿਛਲੇ ਦਿਨੀਂ ਮੁੱਖ ਮੰਤਰੀ ਦੁਆਰਾ ਦਿੱਤੇ ਬਿਆਨ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਯੂਨੀਅਨ ਨੂੰ ਉਨ੍ਹਾਂ ਦਾ ਫ਼ੈਸਲਾ ਮਨਜ਼ੂਰ ਨਹੀਂ ਹੈ | ਕਿਉਂਕਿ ਇਨ੍ਹਾਂ ਅਧਿਆਪਕਾਂ ਉੱਤੇ ਈ. ਟੀ. ਟੀ. ਟੈਸਟ ਲਾਗੂ ਨਹੀਂ ਹੁੰਦਾ ਕਿਉਂਕਿ ਉਹ 2007 ਤੋਂ ਸਰਵਿਸ ਵਿਚ ਆ ਚੁੱਕੇ ਹਨ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਪੱਤਰ ਅਨੁਸਾਰ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਆਪਣੇ ਆਧਾਰ 'ਤੇ ਟੀ. ਈ. ਟੀ. ਟੈਸਟ ਰੱਦ ਕਰ ਸਕਦੀ ਹੈ ਅਤੇ ਮੁੱਖ ਮੰਤਰੀ ਨੇ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਪੱਤਰ ਨੂੰ ਝੂਠਾ ਕਰਾਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਫਿਰ ਤੋਂ ਸੈਂਟਰਾਂ ਵਿਚ ਲਗਾਉਣ ਦਾ ਫ਼ੈਸਲਾ ਕੀਤਾ ਹੈ ਜੋ ਕਿ ਯੂਨੀਅਨ ਨੂੰ ਮਨਜ਼ੂਰ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਇਕ ਹਫ਼ਤੇ ਦੇ ਅੰਦਰ ਜਾਰੀ ਕਰਨ ਨੂੰ ਕਿਹਾ ਹੈ, ਉਹ ਉਸ ਨੂੰ ਜਾਰੀ ਕਰਕੇ ਆਪਣਾ ਸਮਾਂ ਬਰਬਾਦ ਨਾ ਕਰੇ ਕਿਉਂਕਿ ਕੋਈ ਵੀ ਅਧਿਆਪਕ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹੈ ਅਤੇ ਕੋਈ ਵੀ ਅਧਿਆਪਕ ਨੌਕਰੀ ਲਈ ਅਪਲਾਈ ਨਹੀਂ ਕਰੇਗਾ | ਇਸ ਮੌਕੇ ਯੂਨੀਅਨ ਆਗੂ ਸੁਖਦੀਪ ਕੌਰ ਅਤੇ ਵਰਿੰਦਰ ਕੌਰ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੋਹਾਲੀ ਵਿਚ ਹੋਣ ਵਾਲੇ ਖੇਤੀ ਸੰਮੇਲਨ ਜਿਸ ਵਿਚ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਸ਼ਿਰਕਤ ਕਰਨਗੇ, ਉਸ ਮੌਕੇ ਇਨ੍ਹਾਂ ਦੇ ਚਿਹਰਿਆਂ ਤੋਂ ਨਕਾਬ ਉਤਾਰਿਆ ਜਾਵੇਗਾ | ਇਸ ਮੌਕੇ ਯੂਨੀਅਨ ਆਗੂ ਕੁਲਵਿੰਦਰ ਕੌਰ ਹੁਸ਼ਿਆਰਪੁਰ ਨੇ ਕਿਹਾ ਕਿ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਇਨ੍ਹਾਂ ਦੀ ਅਸਲੀਅਤ ਦੱਸੀ ਜਾਵੇਗੀ ਤੇ ਆਉਣ ਵਾਲੇ ਸਮੇਂ ਵਿਚ ਲੋਕ ਸਭਾ ਚੋਣਾਂ ਵਿਚ ਇਸ ਦਾ ਜਵਾਬ ਇਨ੍ਹਾਂ ਨੂੰ ਆਪਣੇ-ਆਪ ਮਿਲ ਜਾਵੇਗਾ |

ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਯੂਨੀਅਨ ਦਾ ਵਫ਼ਦ ਰੱਖੜਾ ਨੂੰ ਮਿਲਿਆ



ਨਾਭਾ, 11 ਫਰਵਰੀ (ਭਾਰਦਵਾਜ) - ਬੇਰੁਜ਼ਗਾਰ ਈ. ਟੀ. ਟੀ. ਟੈਟ ਪਾਸ ਯੂਨੀਅਨ ਦੀ ਅਹਿਮ ਮੀਟਿੰਗ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਸੁਰਜੀਤ ਸਿੰਘ ਰੱਖੜਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਹੋਈ | ਵਫ਼ਦ ਦੀ ਅਗਵਾਈ ਕਰ ਰਹੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਭੁੱਲਰਹੇੜੀ ਨੇ ਕਿਹਾ ਕਿ ਪਿਛਲੇ ਵਾਅਦੇ ਅਨੁਸਾਰ ਦਿੱਤਾ ਸਮਾਂ ਖ਼ਤਮ ਹੋ ਗਿਆ ਹੈ ਇਸ ਲਈ ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਤੁਰੰਤ ਇਸ਼ਤਿਹਾਰ ਜਾਰੀ ਕੀਤਾ ਜਾਵੇ | ਸ: ਰੱਖੜਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਹਫ਼ਤੇ ਦੇ ਵਿਚ-ਵਿਚ ਹਰ ਹਾਲ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ | ਜ਼ਿਕਰਯੋਗ ਹੈ ਕਿ ਯੂਨੀਅਨ ਦੀ ਬੀਤੀ 18 ਜਨਵਰੀ ਨੂੰ ਪੰਚਾਇਤ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨਾਲ ਮੁਲਾਕਾਤ ਹੋਈ ਸੀ, ਜਿਸ ਵਿਚ ਰੱਖੜਾ ਨੇ 13 ਫਰਵਰੀ ਤੱਕ 8000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਪੱਕਾ ਭਰੋਸਾ ਦਿੱਤਾ ਸੀ | ਇਸ ਮੌਕੇ ਬਲਾਕ ਪ੍ਰਧਾਨ ਨਾਭਾ ਆਕਾਸ਼ਦੀਪ ਸਿੰਗਲਾ, ਗੋਰਾ ਸਿੰਘ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸੰਗਤ ਰਾਮ ਕਿਸ਼ਨਗੜ੍ਹ ਸ਼ਾਮਿਲ ਸਨ |